ਸਿਧਾਰਥ ਬਿੰਦਰੂ ਨੂੰ ਉਸ ਸਮੇਂ ਆਪਣੇ ਪੌਲੀਕਲੀਨਿਕ ਤੋਂ ਫ਼ੋਨ ਆਇਆ ਜਦੋਂ ਉਹ ਆਪਣੇ ਪਿਤਾ ਮੱਖਣ ਲਾਲ ਬਿੰਦਰੂ ਲਈ ਚਿਕਨ ਸ਼ੋਰਮਾ ਖਰੀਦਣ ਲਈ ਜਾ ਰਹੇ ਸਨ। ਫ਼ੋਨ ਕਰਨ ਵਾਲੇ ਨੇ ਕਿਹਾ, " ਪਾਪਾ ਨਹੀਂ ਰਹੇ।" ਇਹ ਸੁਣ ਕੇ 40 ਸਾਲਾ ਕਸ਼ਮੀਰੀ ਐਂਡੋਕ੍ਰਿਨੋਲੋਜਿਸਟ ਸਦਮੇ 'ਚ ਚਲਾ ਗਿਆ।



5 ਅਕਤੂਬਰ ਦੀ ਸ਼ਾਮ ਨੂੰ ਅਣਪਛਾਤੇ ਬੰਧੂਕਧਾਰੀ ਹਮਲਾਵਰਾਂ ਨੇ " ਬਿੰਦਰੂ ਹੈਲਥ ਜ਼ੋਨ" 'ਚ ਜਾ ਕੇ ਉਸ ਦੇ ਮਾਲਕ ਮੱਖਣ ਲਾਲ ਬਿੰਦਰੂ 'ਤੇ ਤਿੰਨ ਗੋਲੀਆਂ ਚਲਾਈਆਂ।

ਦੁਕਾਨ 'ਤੇ ਮੌਜੂਦ ਸੇਲਜ਼ਪਰਸਨ ਨੇ ਕਿਹਾ ਕਿ ਜਿਸ ਮੌਕੇ ਹਮਲਾਵਰਾਂ ਨੇ ਮੱਖਣ ਲਾਲ ਬਿੰਦਰੂ 'ਤੇ ਹਮਲਾ ਕੀਤਾ, ਉਸ ਸਮੇਂ ਉਹ ਫੋਨ 'ਤੇ ਗੱਲ ਕਰ ਰਿਹਾ ਸੀ। ਇਸ ਘਟਨਾ ਨੂੰ ਅੰਜ਼ਾਮ ਦੇ ਕੇ ਹਮਲਾਵਰ ਤੁਰੰਤ ਹਨੇਰੇ 'ਚ ਲੋਪ ਹੋ ਗਏ।

ਡਾ.ਸਿਧਾਰਥ ਨੇ ਰੋਂਦਿਆਂ ਦੱਸਿਆ, "ਇੱਕ ਗੋਲੀ ਉਨ੍ਹਾਂ ਦੇ ਦਿਲ 'ਚੋਂ ਪਾਰ ਹੋ ਗਈ , ਜਿੱਥੇ ਕਿ ਦੂਜੀ ਮੋਢੇ ਨੂੰ ਚੀਰਦੀ ਨਿਕਲ ਗਈ। ਇੱਕ ਗੋਲੀ ਉਨ੍ਹਾਂ ਦੇ ਗਲੇ 'ਚ ਲੱਗੀ ਸੀ।

ਸਿਧਾਰਥ ਉਸੇ ਪੋਲੀਕਲੀਨਿਕ 'ਤੇ ਆਪਣੀ ਪ੍ਰੈਕਟਿਸ ਕਰਦਾ ਹੈ ਪਰ ਉਸ ਦਿਨ ਉਹ ਛੁੱਟੀ 'ਤੇ ਸੀ।

ਸਿਧਾਰਥ ਨੇ ਯਾਦ ਕਰਦਿਆਂ ਦੱਸਿਆ ਕਿ " ਪਾਪਾ ਨੇ ਦੁਪਹਿਰ ਦੇ ਸਮੇਂ ਮੈਨੂੰ ਫੋਨ ਕੀਤਾ ਅਤੇ ਆਪਣੇ ਲਈ ਚਿਕਨ ਸ਼ਵਰਮਾ ਲਿਆਉਣ ਲਈ ਕਿਹਾ। ਮੈਨੂੰ ਪਤਾ ਹੈ ਕਿ ਇਹ ਉਨ੍ਹਾਂ ਦਾ ਪਸੰਦੀਦਾ ਭੋਜਨ ਹੈ, ਇਸ ਲਈ ਮੈਂ ਉਨ੍ਹਾਂ ਦਾ ਮਨਪਸੰਦ ਭੋਜਨ ਉਨ੍ਹਾਂ ਤੱਕ ਲੈ ਜਾਣ ਬਾਰੇ ਸੋਚਿਆ।"

ਕੌਣ ਸਨ ਬਿੰਦਰੂ?

68 ਸਾਲਾ ਮੱਖਣ ਲਾਲ ਬਿੰਦਰੂ ਕਸ਼ਮੀਰ ਦੇ ਮਸ਼ਹੂਰ ਮੈਡੀਕਲ ਪ੍ਰੈਕਟੀਸ਼ਨਰ ਅਤੇ ਫਾਰਮਾਸਿਸਟ ਰਾਕੇਸ਼ਵਰ ਨਾਥ ਬਿੰਦਰੂ ਦੇ ਪੁੱਤਰ ਸਨ।

ਇਹ ਆਰ ਐਨ ਬਿੰਦਰੂ ਹੀ ਸਨ, ਜਿੰਨ੍ਹਾਂ ਨੇ ਪੂਰੇ ਕਸ਼ਮੀਰ ਖਾਸ ਕਰਕੇ ਸ੍ਰੀਨਗਰ ਸ਼ਹਿਰ 'ਚ ਇੱਕ ਵਿਸ਼ਾਲ ਫਾਰਮੇਸੀ ਕਾਰੋਬਾਰ ਨੂੰ ਸਥਾਪਤ ਕੀਤਾ ਸੀ।

ਸ਼੍ਰੀਨਗਰ ਵਿੱਚ 'ਬਿੰਦਰੂ ਮੈਡੀਕੇਟ’ ਨਾਮ ਦੀ ਉਨ੍ਹਾਂ ਦੀ ਦੁਕਾਨ ਤੋਂ ਜ਼ਰੂਰੀ ਦਵਾਈਆਂ ਦੇ ਨਾਲ ਕਿਤੇ ਵੀ ਨਾ ਮਿਲਣ ਵਾਲੀਆਂ ਦਵਾਈਆਂ ਵੀ ਮਿਲ ਜਾਂਦੀਆਂ ਸਨ।

1983 'ਚ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਐਮ ਐਲ ਬਿੰਦਰੂ ਨੇ ਸ੍ਰੀਨਗਰ ਸਥਿਤ ਦੁਕਾਨ 'ਤੇ ਬੈਠਣਾ ਸ਼ੂਰੂ ਕੀਤਾ ਅਤੇ ਆਪਣੀ ਪਤਨੀ ਨੂੰ ਵੀ ਇਸ ਉੱਦਮ 'ਚ ਹੱਥ ਵਟਾਉਣ ਲਈ ਕਿਹਾ।

ਡਾ. ਸਿਧਾਰਥ ਯਾਦ ਕਰਦਿਆਂ ਕਹਿੰਦੇ ਹਨ, "ਮੇਰੇ ਪਿਤਾ ਇੱਕ ਵਿਹਾਰਕ ਆਦਮੀ ਸਨ। ਮੇਰੀ ਮਾਂ ਬਿਲਿੰਗ ਕਰਦੀ ,ਸਟਾਕ ਖਰੀਦਦੀ ਅਤੇ ਦੁਕਾਨ 'ਤੇ ਦਵਾਈਆਂ ਵੇਚਦੀ ਸੀ।"

"ਜਦੋਂ ਮੈਂ ਉਨ੍ਹਾਂ ਨੂੰ ਪੁੱਛਦਾ ਕਿ ਮੇਰੀ ਮਾਂ ਨੂੰ ਦੁਕਾਨ 'ਤੇ ਕੰਮ ਕਿਉਂ ਕਰਨਾ ਪੈਂਦਾ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਕਿ ਜੇਕਰ ਮੈਨੂੰ ਕੁਝ ਹੋ ਜਾਵੇ ਤਾਂ ਬੱਚਿਆਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।"

"ਉਹ ਅਕਸਰ ਹੀ ਕਿਹਾ ਕਰਦੇ ਸਨ ਕਿ ਸ਼ੋਅ ਉਦੋਂ ਵੀ ਚਲਦਾ ਰਹਿਣਾ ਚਾਹੀਦਾ ਹੈ ਜਦੋਂ ਕਿ ਉਹ ਆਸਪਾਸ ਨਾ ਹੋਣ।"

ਜਦੋਂ ਦਹਿਸ਼ਤਗਰਦਾਂ ਨੇ ਵੱਡੀ ਗਿਣਤੀ 'ਚ ਪੰਡਿਤਾਂ ਨੂੰ ਮਾਰਨਾ ਸ਼ੁਰੂ ਕੀਤਾ ਤਾਂ ਬਿੰਦਰੂ ਉਨ੍ਹਾਂ ਕਸ਼ਮੀਰੀ ਬੋਲਣ ਵਾਲੇ ਹਿੰਦੂਆਂ (ਸਥਾਨਕ ਭਾਸ਼ਾ 'ਚ ਪੰਡਿਤ) ਦੇ 800 ਤੋਂ ਵੀ ਵੱਧ ਪਰਿਵਾਰਾਂ 'ਚ ਸ਼ਾਮਲ ਸਨ, ਜਿੰਨ੍ਹਾਂ ਨੇ ਕਸ਼ਮੀਰ 'ਚ ਹੀ ਰਹਿਣ ਦਾ ਫੈਸਲਾ ਕੀਤਾ ਸੀ।

ਇਸ ਸਮੇਂ ਹਜ਼ਾਰਾਂ ਦੀ ਗਿਣਤੀ 'ਚ ਪੰਡਿਤ ਪਰਿਵਾਰ ਗੁਆਂਢੀ ਰਾਜਾਂ ਵੱਲ ਪਰਵਾਸ ਕਰ ਗਏ ਸਨ। ਅੱਤਵਾਦੀਆਂ ਦੇ ਕਹਿਰ ਸਦਕਾ ਹੀ 1990 'ਚ ਹਥਿਆਰਬੰਦ ਵਿਦਰੋਹ ਦਾ ਪ੍ਰਕੋਪ ਝੱਲਣਾ ਪਿਆ ਸੀ।

ਐਮਐਲ ਬਿੰਦਰੂ ਉਸ ਦਿਨ ਕਤਲ ਕੀਤੇ ਗਏ ਤਿੰਨ ਨਾਗਰਿਕਾਂ 'ਚੋਂ ਇੱਕ ਸਨ। ਉਸ ਦਿਨ ਬਿਹਾਰ ਦਾ ਇੱਕ ਸਟ੍ਰੀਟ ਵੈਂਡਰ ਅਤੇ ਇੱਕ ਕਸ਼ਮੀਰੀ ਮੁਸਲਿਮ ਕੈਬ ਡਰਾਇਵਰ ਵੀ ਅਣਪਛਾਤੇ ਹਮਲਾਵਰਾਂ ਦੀ ਗੋਲੀ ਦਾ ਨਿਸ਼ਾਨਾ ਬਣੇ ਸਨ।

ਇਸ ਤੋਂ ਪਹਿਲਾਂ ਦੋ ਕਸ਼ਮੀਰੀ ਮੁਸਲਮਾਨਾਂ ਨੂੰ ਵੀ ਇਸੇ ਤਰ੍ਹਾਂ ਹੀ ਮੌਤ ਦੇ ਘਾਟ ਉਤਾਰਿਆ ਗਿਆ ਸੀ।

ਸਿਰਫ ਦੋ ਦਿਨਾਂ ਬਾਅਦ ਹੀ ਹਮਲਾਵਰਾਂ ਨੇ ਸ੍ਰੀਨਗਰ ਦੇ ਅਲੱਗ-ਥਲੱਗ ਸੰਗਮ ਖੇਤਰ 'ਚ ਇੱਕ ਸਰਕਾਰੀ ਸਕੂਲ 'ਤੇ ਹਮਲਾ ਕੀਤਾ ਅਤੇ ਉੱਥੋਂ ਦੀ ਪ੍ਰਿੰਸੀਪਲ ਅਤੇ ਇੱਕ ਅਧਿਆਪਕ ਦੀ ਜੀਵਨ ਲੀਲਾ ਹੀ ਸਮਾਪਤ ਕਰ ਦਿੱਤੀ।